ਪੰਜਾਬ ਵਿੱਚ ਮੁੜ ਲੱਗਿਆ ਰਾਤ ਦਾ ਕਰਫਿਊ

ਕੋਰੋਨਾ ਕਾਰਨ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵਿਗੜੀ ਸਥਿੱਤੀ ਤੋਂ ਬਾਅਦ ਕਈ ਰਾਜਾਂ ਨੇ ਰਾਤ ਦੇ ਕਰਫਿਊ ਦਾ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਹੈ। ਦਸਣਾਬਣਦਾ ਹੈ ਕਿ ਦੇਸ਼ ਦੇ ਕਈ ਭਾਗਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪੰਜਾਬ ਉੱਪਰ ਵੀ ਕੋਰੋਨਾ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। ਪੰਜਾਬ ਵਿਚ ਮਹਾਂਮਾਰੀ ਦੀ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਾਤ ਦੇ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਕਈ ਨਵੀਆਂ ਪਾਬੰਦੀਆਂ ਲਗਾਉਣ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 1 ਦਸੰਬਰ 2020 ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਾਤ ਦਾ ਕਰਫਿਊ ਲਾਗੂ ਕੀਤਾ ਜਾਂਦਾ ਹੈ। ਇਹ ਕਰਫਿਊ ਰਾਤ ਦੇ 9.30 ਵਜੇ ਤੋਂ ਲਾਗੂ ਹੋ ਕੇ ਸਵੇਰ 5 ਵਜੇ ਤੱਕ ਜਾਰੀ ਰਹੇਗਾ।

ਇਸ ਦੇ ਨਾਲ ਹੀ ਮਾਸਕ ਨਾ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਵੀ ਜੁਰਮਾਨਾ ਦੁੱਗਣਾ ਕਰ ਦਿੱਤਾ ਗਿਆ ਹੈ।  ਮਾਸਕ ਨਾ ਪਹਿਨਣ ‘ਤੇ ਪਹਿਲਾਂ ਪੰਜਾਬ ਅੰਦਰ ਜੁਰਮਾਨਾ 500 ਰੁਪਏ ਸੀ ਜੋ ਕਿ ਆਉਣ ਵਾਲੀ 1 ਤਰੀਕ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਾਲ ਹੀ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਪੰਜਾਬ ਦੇ ਅੰਦਰ ਸਾਰੇ ਹੋਟਲ, ਢਾਬੇ, ਰੈਸਟੋਰੈਂਟ ਅਤੇ ਮੈਰਿਜ਼ ਪੈਲੇਸ ਰਾਤ 9.30 ਵਜੇ ਬੰਦ ਕੀਤੇ ਜਾਣ। ਸੜਕਾਂ ਉੱਪਰ ਕਿਸੇ ਵੀ ਕਿਸਮ ਦੀ ਆਵਾਜਾਈ ਨੂੰ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸਿਰਫ ਅਤਿ ਜਰੂਰੀ ਸੂਰਤਾਂ ਵਿੱਚ ਹੀ ਆਵਾਜਾਈ ਦੀ ਇਜ਼ਾਜਤ ਹੋਵੇਗੀ ਅਤੇ ਕਿਸੇ ਵੀ ਕਿਸਮ ਦੀ ਗੈਰ ਜਰੂਰੀ ਆਵਾਜਾਈ ਵਾਲੇ ਵਿਅਕਤੀ ਨੂੰ ਸੜਕ ਉੱਪਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕਰਨ ਵਾਲੇ ਉੱਪਰ ਕਰਫਿਊ ਉਲੰਘਣਾ ਦੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਮੁੱਖ ਮੰਤਰੀ ਪੰਜਾਬ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼ ਨੂੰ ਹਿਦਾਇਤ ਕੀਤੀ ਹੈ ਕਿ ਮਹਾਂਮਾਰੀ ਨਿਯਮਾ ਦੀ ਪਾਲਨਾ ਸਖਤੀ ਨਾਲ ਕਰਵਾਈ ਜਾਵੇ ਅਤੇ ਆਦੇਸ਼ਾਂ ਦੀ ਪਾਲਨਾ ਨਾ ਕਰਨ ਵਾਲੇ ਵਿਅਕਤੀ ਵਿਰੁਧ ਕਾਨੂੰਨ ਮੁਤਾਬਿਕ ਸਖਤ ਐਕਸ਼ਨ ਲਿਆ ਜਾਵੇ। 

Night Curfew In Punjab again
PREPARATIONS STARTED TO PROVIDE FREE VACCINE TO THE RESIDENTS OF MOGA DISTRICT TO PREVENT CORONA PANDEMIC