ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ, ਹਰ ਮੋਰਚੇ ਉੱਤੇ ਉਨਾਂ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ : ਭਗਵੰਤ ਮਾਨ

ਬਠਿੰਡਾ , 7 ਮਾਰਚ 2021 :
ਆਮ ਆਦਮੀ ਪਾਰਟੀ ਨੇ ਖੇਤੀ ਕਾਨੁੰਨਾਂ ਦੇ ਮੁੱਦੇ ਉੱਤੇ ਭਾਜਪਾ-ਅਕਾਲੀ ਅਤੇ ਕਾਂਗਰਸ ਤਿੰਨੇ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਐਤਵਾਰ ਨੂੰ ਮੀਡੀਆ ਨੂੰ ਸੰਬੋਧਨ  ਕਰਦੇ ਹੋਏ  ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨਾਂ ਤਿੰਨੇ ਪਾਰਟੀਆਂ ਨੇ ਮਿਲਕੇ ਕਿਸਾਨਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਅਤੇ ਉਨਾਂ ਹਰ ਮੋਰਚੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਕਦਮ ਚੁੱਕਿਆ। ਇਸ ਮੌਕੇ ਉਨਾਂ ਨਾਲ ਵਿਧਾਇਕ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਵੀ ਹਾਜਰ ਸਨ। 
ਉਨਾਂ ਕਿਹਾ ਕਿ 2013 ਵਿੱਚ ਇਨਾਂ ਤਿੰਨੇ ਪਾਰਟੀਆਂ ਨੇ ਸਰਵਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਕਿਸਾਨਾਂ ਨੂੰ ਕਾਰਪੋਰੇਟ ਦਾ ਗੁਲਾਮ ਬਣਾਉਣ ਵਾਲਾ ਕਾਨੂੰਨ ‘ਕੰਟਰੈਕਟ ਫਾਰਮਿੰਗ ਐਕਟ’ ਪਾਸ ਕੀਤਾ। ਫਿਰ 2017 ਵਿੱਚ ਕੈਪਟਨ ਦੀ ਸਰਕਾਰ ਆਉਣ ਉੱਤੇ ਉਨਾਂ ਇਸੇ ਕਾਨੂੰਨ ਨੂੰ ਅੱਗੇ ਵਧਾਇਆ। ਕੈਪਟਨ ਨੇ ਏਪੀਐਮਸੀ ਸੰਸੋਧਨ ਐਕਟ ਪਾਸ ਕੀਤਾ ਜਿਸ ਨਾਲ ਫਲ ਅਤੇ ਸਬਜ਼ੀ ਦੇ ਬਾਜ਼ਾਰ ਦਾ ਨਿੱਜੀਕਰਨ ਕੀਤਾ ਗਿਆ। ਇਸੇ ਕਾਨੂੰਨ ਦਾ ਨਤੀਜਾ ਹੈ ਕਿ ਅੱਜ ਅੰਬੋਹਰ ਵਿੱਚ ਕਿੰਨੂ ਉਤਪਾਦਨ ਲਾਗਤ ਤੋਂ ਘੱਟ ਕੀਮਤ ਉੱਤੇ ਵੇਚ ਰਿਹਾ ਹੈ। ਇਹ ਦੋਵੇਂ ਕਾਨੂੰਨ ਕੇਂਦਰ ਦੇ ਕਾਲੇ ਕਾਨੂੰਨਾਂ ਦੀ ਜੜ ਹਨ।
ਉਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਇਨਾਂ ਪਾਰਟੀਆਂ ਦੀ ਨੀਅਤ ਸਮਝ ਚੁੱਕੇ ਹਨ, ਤਾਂ ਹੁਣ ਇਹ ਲੋਕ ਕਿਸਾਨ ਸਮਰਥਕ ਹੋਣ ਦਾ ਦਿਖਾਵਾ ਕਰ ਰਹੇ ਹਨ। ਅਕਾਲੀਆਂ ਅਤੇ ਕਾਂਗਰਸੀਆਂ ਨੇ ਹਰ ਮੋਰਚੇ ਉੱਤੇ ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਨਾਲ ਮਿਲਕੇ ਅਕਾਲੀ ਦਲ ਪਹਿਲਾਂ ਇਹ ਪ੍ਰਚਾਰ ਕਰ ਰਿਹਾ ਸੀ ਕਿ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਲਾਭ ਹੋਵੇਗਾ।  ਇਨਾਂ ਕਾਲੇ ਕਾਨੂੰਨ ਨੂੰ ਬਣਾਉਣ ਲਈ ਬਣੀ ਹਾਈ ਪਾਵਰ ਕਮੇਟੀ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਸਨ, ਉਦੋਂ ਵੁਨਾਂ ਇਸਦਾ ਵਿਰੋਧ ਨਹੀਂ ਕੀਤਾ। ਖੇਤੀ ਕਾਨੂੰਨ ਨੂੰ ਲੈ ਕੇ ਕੈਪਟਨ ਅੱਜ ਤੱਕ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ। ਜਦੋਂ ਉਹ ਅੰਮਿਤ ਸ਼ਾਹ ਨੂੰ ਮਿਲੇ ਤਾਂ ਉਨਾਂ ਖੇਤੀ ਕਾਨੂੰਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। 
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਸਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਕਿਸਾਨਾਂ ਦਾ ਸਮਰਥਨ ਕੀਤਾ। ਸਾਡੀ ਪਾਰਟੀ ਦੀ ਦਿੱਲੀ ’ਚ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਵਰਕਰਾਂ ਨੇ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਸਹਿਯੋਗ ਕੀਤਾ ਅਤੇ ਸੇਵਾਵਾਂ ਦਿੱਤੀਆਂ। ਹੁਣ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਸੰਮੇਲਨ ਦਾ ਆਯੋਜਨ ਕਰ ਰਹੀ ਹੈ। ਕਿਸਾਨ ਮਹਾਸੰਮੇਲਨ ਰਾਹੀਂ ਅਸੀਂ ਕਿਸਾਨਾਂ ਦੀ ਆਵਾਜ਼ ਪੂਰੇ ਦੇਸ਼ ਦੀ ਜਨਤਾ ਤੱਕ ਪਹੁੰਚਾਵਾਂਗੇ ਅਤੇ ਖੇਤੀ ਕਾਨੂੰਨ ਨਾਲ ਲੋਕਾਂ ਉਤੇ ਪੈਣ ਵਾਲੀ ਮਾਰ ਨੂੰ ਦੱਸਾਂਗੇ। ਉਨਾਂ ਨੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਸੰਮੇਲਨ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।      

Science is life, Make Successful Career in Science
Budget 2021-22 - Read Full Speech of FM Manpreet Badal in Punjabi