ਨਜ਼ਰੀਆ – ਬੰਗਾਲ ਵਿੱਚ ਭਾਜਪਾ ਦੀ ਹਾਰ ਜਾਂ ਜਿੱਤ

ਸਾਰੇ ਲੋਕ ਬੰਗਾਲ ਵਿੱਚ ਭਾਜਪਾ ਦੀ ਹਾਰ ਦੇਖ ਰਹੇ ਹਨ ਪਰ ਅਸਲ ਵਿੱਚ ਦੇਖਿਆ ਜਾਵੇ ਤਾਂ ਭਾਜਪਾ ਦੀ ਕੋਈ ਹਾਰ ਨਹੀਂ ਹੋਈ ਸਗੋਂ ਉਹਨਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਉਨੀਂ ਕੁ ਹੀ ਮਜਬੂਤ ਸੀ ਜਿੰਨੀ ਪੰਜਾਬ ਵਿੱਚ ਹੈ। ਪਿਛਲੀ ਸਰਕਾਰ ਦੌਰਾਨ ਭਾਜਪਾ ਦੇ ਸਿਰਫ਼ 3 ਵਿਧਾਇਕ ਸਨ ਅਤੇ ਇਸ ਵਾਰ ਕੀਤੀ ਮਿਹਨਤ ਨਾਲ ਉਹ 77 ਵਿਧਾਇਕ ਬਣਾਉਣ ਵਿੱਚ ਕਾਮਯਾਬ ਰਹੇ ਹਨ। ਇਹਨਾਂ ਚੋਣਾਂ ਵਿੱਚ ਅਸਲ ਹਾਰ ਕਾਂਗਰਸ ਦੀ ਰਹੀ ਹੈ ਜਿਹਨਾਂ ਦੇ ਪਹਿਲਾਂ 44 ਵਿਧਾਇਕ ਸਨ ਪਰ ਹੁਣ ਇੱਕ ਵੀ ਉਮੀਦਵਾਰ ਜਿੱਤ ਦਰਜ ਨਹੀਂ ਕਰਵਾ ਸਕਿਆ। ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਤਕਰੀਬਨ ਪਹਿਲਾਂ ਜਿੰਨੀ ਹੀ ਹੈ। ਭਾਜਪਾ ਨੂੰ ਫਾਇਦਾ ਕਾਂਗਰਸ ਅਤੇ ਸੀਪੀਆਈ ਨੂੰ ਹੋਏ ਨੁਕਸਾਨ ਤੋਂ ਹੋਇਆ ਹੈ। ਜੇ ਇਸ ਸਭ ਨੂੰ ਗੌਰ ਨਾਲ ਦੇਖਦੇ ਹੋਏ 2022 ਵਿੱਚ ਪੰਜਾਬ ਦੇ ਭਵਿੱਖ ਬਾਰੇ ਅੰਦਾਜਾ ਲਗਾਇਆ ਜਾਵੇ ਤਾਂ ਭਾਜਪਾ ਦੇ ਮੁੱਖ ਨਿਸ਼ਾਨੇ ‘ਤੇ ਕਾਂਗਰਸ ਰਹੇਗੀ ਜੋ ਕਿ ਉਹ ਬਾਕੀ ਰਾਜਾਂ ਵਿੱਚ ਕਰਦੇ ਆ ਰਹੇ ਹਨ ਕਿਉਂ ਕਿ ਖੇਤਰੀ ਪਾਰਟੀਆਂ ਨਾਲ ਲੜਨਾ ਉਹਨਾਂ ਦਾ ਮਕਸਦ ਨਹੀਂ ਹੈ। ਉਹਨਾਂ ਦਾ ਮਕਸਦ ਸਿਰਫ਼ ਐਨਾਂ ਹੈ ਕਿ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕੋਈ ਵੀ ਪਾਰਟੀ ਉਹਨਾਂ ਦੇ ਸਾਹਮਣੇ ਮਜਬੂਤੀ ਨਾਲ ਖੜ੍ਹੀ ਨਾ ਹੋ ਸਕੇ। ਭਾਰਤ ਵਿੱਚ ਇੱਕੋ ਇੱਕ ਪਾਰਟੀ ਕਾਂਗਰਸ ਹੀ ਹੈ ਜੋ ਭਾਜਪਾ ਦੇ ਮੁਕਾਬਲੇ ਵੱਡੀ ਪਾਰਟੀ ਹੈ। ਸਿਰਫ਼ ਕਾਂਗਰਸ ਹੀ ਭਾਜਪਾ ਨਾਲ ਲੜਣ ਜੋਗੀ ਆਰਥਿਕਤਾ, ਦੇਸ਼ ਵਿੱਚ ਪਕੜ ਅਤੇ ਵਰਕਰਾਂ ਦੀ ਗਿਣਤੀ ਰੱਖਦੀ ਹੈ ਇਸੇ ਕਰਕੇ ਉਹ ਕਾਂਗਰਸ ਮੁਕਤ ਭਾਰਤ ਬਣਾਉਣ ਵੱਲ ਜੋਰ ਲਗਾਉਂਦੇ ਹਨ ਕਿਉਂ ਕਿ ਉਹ ਭਲੀ ਭਾਂਤੀ ਜਾਣਦੇ ਹਨ ਕਿ ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ਲਈ ਤਾਂ ਆਪਸੀ ਫੁੱਟ ਅਤੇ ਛੋਟੇ-ਮੋਟੇ ਭ੍ਰਿਸ਼ਟਾਚਾਰ ਦੇ ਕੇਸ ਹੀ ਕਾਫੀ ਹਨ। ਕਾਂਗਰਸ ਦੇ ਪੂਰੀ ਤਰਾਂ ਖਾਤਮੇ ਬਾਅਦ ਉਹ ਇਸ ਦਿਸ਼ਾ ਵੱਲ ਵਧਣਗੇ ਪਰ ਫਿਲਹਾਲ ਉਹਨਾਂ ਦਾ ਨਿਸ਼ਾਨਾ ਸਿਰਫ਼ ਕਾਂਗਰਸ ਹੈ ਅਤੇ ਆਪਣੇ ਇਸ ਮਨਸੂਬੇ ਨੂੰ ਪੂਰਾ ਕਰਨ ਲਈ ਉਹ ਪੂਰੀ ਤਰਾਂ ਕਾਮਯਾਬੀ ਵੱਲ ਵਧ ਰਹੇ ਹਨ – ਅੰਮ੍ਰਿਤ ਜੱਸਲ #AmritJsl

Alert: ਅਜੀਤ ਰੋਡ ਗਲੀ ਨੰਬਰ 7 ਤੇ ਨਵੀਂ ਬਸਤੀ ਗਲੀ ਨੰਬਰ 3 ਨੂੰ ਕੀਤਾ ਮਾਈਕਰੋ ਕੰਨਟੇਨਮੈਂਟ ਜੌਨ ਘੋਸ਼ਿਤ
ਬਠਿੰਡਾ ਜਿਲੇ ਵਿਚ ਨਵੀਆਂ ਪਾਬੰਦੀਆਂ ਲਾਗੂ