ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੀ ਬੋਰਡ ਵੱਲੋਂ ਪੂਰੀ ਫੀਸ ਮੁਆਫ

ਬਠਿੰਡਾ, 17 ਜੂਨ: ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ ਵੱਲੋਂ ਹਰ ਸਾਲ ਮੈਰਿਟ ਦੇ ਅਧਾਰ ਤੇ ਰਾਜ ਦੇ ਪਾਲੀਟੈਕਨਿਕ ਕਾਲਜਾਂ ਵਿੱਚ ਪੜਦੇ ਚੋਣਵੇਂ ਮੈਰੀਟੋਰੀਅਸ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫ/ਵਜ਼ੀਫੇ ਦਿੱਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਲਜ ਦੇ ਪੰਜ ਵਿਦਿਆਰਥੀਆਂ ਜਗਰੂਪ ਸਿੰਘ, ਜੁਗਿੰਦਰ ਸਿੰਘ ਸਿਵਲ ਇੰਜੀ:, ਰਮਨਦੀਪ ਸ਼ਰਮਾਂ ਇਲੈਕਟ੍ਰੀਕਲ ਇੰਜੀ: ਅਤੇ ਅਮਨਦੀਪ ਸਿੰਘ ਮਕੈਨੀਕਲ ਇੰਜੀ: ਨੂੰ 28617/-ਰੁਪਏ ਅਤੇ ਜਤਿਨ ਮਨਚੰਦਾ ਸਿਵਲ ਇੰਜੀ: ਨੂੰ 12000/-ਰੁਪਏ ਫੀਸ ਮੁਆਫੀ/ਸਕਾਲਰਸ਼ਿਪ ਦਿੱਤਾ ਗਿਆ ਹੈ।
ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਮਹਿੰਦਰ ਸਿੰਘ ਕੇ.ਪੀ ਵੱਲੋਂ ਇਨਾਂ ਵਿਦਿਆਰਥੀਆਂ ਨੂੰ ਵੀਡੀਓ ਕਾਨਫਰਸਿੰਗ ਰਾਹੀਂ 22 ਜੂਨ, 2021 ਨੂੰ ਚੈੱਕਾਂ ਦੀ ਵੰਡ ਕੀਤੀ ਜਾਵੇਗੀ। ਉਨਾਂ ਇਸ ਸਕੀਮ ਅਧੀਨ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ ਅਤੇ ਇਸ ਤਰਾਂ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।
ਪ੍ਰਿੰਸੀਪਲ ਨੇ ਹੋਰ ਦੱਸਿਆ ਕਿ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿੰਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ, ਦੀ ਸਾਰੀ ਫੀਸ ਮੁਆਫ ਕੀਤੀ ਗਈ ਹੈ ਅਤੇ ਪੱਛੜੀ ਜਾਤੀ ਦੇ ਵਿਦਿਆਰਥੀ ਜਿੰਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ ਇੱਕ ਲੱਖ ਤੋਂ ਘੱਟ ਹੈ, ਉਨਾਂ ਦੀ ਸਾਰੀ ਫੀਸ ਪੋਸਟ ਮੈਟਿ੍ਰਕ ਵਜ਼ੀਫਾ ਸਕੀਮ ਤਹਿਤ ਸਰਕਾਰ ਵੱਲੋਂ ਵਾਪਿਸ ਹੁੰਦੀ ਹੈ। ਕਾਲਜ ਵੱਲੋਂ ਸਮੈਸਟਰ ਨਤੀਜਿਆਂ ਦੇ ਅਧਾਰ ਤੇ ਹਰ ਕਲਾਸ ਦੇ 5 ਫੀਸਦੀ ਵਿਦਿਆਰਥੀਆਂ ਦੀ ਪੂਰੀ ਅਤੇ 5 ਫੀਸਦੀ ਵਿਦਿਆਰਥੀਆਂ ਦੀ ਅੱਧੀ ਫੀਸ ਮੁਆਫ ਕੀਤੀ ਜਾਂਦੀ ਹੈ।
ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਅਖਤਿਆਰੀ ਕੋਟਾ ਵਜ਼ੀਫਾ, ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫ, ਵਜ਼ੀਫਾ ਅਤੇ ਕਿਤਾਬਾਂ ਖ੍ਰੀਦਣ ਲਈ ਗ੍ਰਾਂਟ ਆਦਿ ਦੀ ਵੀ ਸਹੂਲਤ ਹੈ। ਪੰਜਾਬ ਦੇ ਸਰਕਾਰੀ ਪਾਲੀਟੈਕਨਿਕ ਕਾਲਜਾਂ ਵਿੱਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਅਧੀਨ ਸਾਰੀਆਂ ਕੈਟਾਗਰੀਆਂ ਦੇ ਮੈਰੀਟੋਰੀਅਸ ਵਿਦਿਆਰਥੀ ਜਿੰਨਾਂ ਦੇ ਦਸਵੀਂ/ਬਾਰਵੀਂ ਵਿੱਚੋਂ 60 ਪ੍ਰਤੀਸ਼ਤ ਤੋਂ ਜ਼ਿਆਦਾ ਨੰਬਰ ਹਨ ਉਨਾਂ ਦੀ 70 ਤੋਂ 100 ਫੀਸਦੀ ਤੱਕ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ /ਭਾਰਤ ਸਰਕਾਰ ਅਤੇ ਭਲਾਈ ਵਿਭਾਗ ਦੀਆਂ ਵੱਖੋ-ਵੱਖਰੀਆਂ ਫੀਸ ਮੁਆਫੀ ਅਤੇ ਵਜ਼ੀਫਾ ਸਕੀਮਾਂ ਇਸ ਕਾਲਜ ਵਿੱਚ ਪੂਰੀ ਤਰਾਂ ਲਾਗੂ ਹਨ। ਉਨਾਂ ਤਕਨੀਕੀ ਸਿੱਖਿਆ ਦੇ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਾਲਜ ਵਿਖੇ ਦਾਖਲਾ ਲੈ ਕੇ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਉਰਦੂ ਭਾਸ਼ਾ ਦੀ ਮੁਫਤ ਸਿਖਲਾਈ ਲਈ ਰਜਿਸਟਰੇਸ਼ਨ ਸ਼ੁਰੂ
ਲਗਾਤਾਰ ਦੂਜੇ ਦਿਨ ਵੀ ਕਰੋਨਾ ਨਾਲ ਨਹੀਂ ਹੋਈ ਕੋਈ ਮੌਤ : ਡਿਪਟੀ ਕਮਿਸ਼ਨਰ