ਜਿਲ੍ਹਾ ਵਿੱਚ ਕਰੋਨਾ ਨਾਲ ਸਬੰਧਤ ਪਾਬੰਦੀਆਂ ਨੂੰ 1 ਫਰਵਰੀ ਤੱਕ ਕੀਤਾ ਲਾਗੂ

ਮੋਗਾ, 26 ਜਨਵਰੀ:
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਕਰੋਨਾ ਨਾਲ ਸਬੰਧਤ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਕਰੋਨਾ ਦੇ ਸੰਕਰਮਣ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਹ ਪਾਬੰਦੀਆਂ 1 ਫਰਵਰੀ, 2022 ਤੱਕ ਲਾਗੂ ਰਹਿਣਗੀਆਂ।
ਇਨ੍ਹਾਂ ਪਾਬੰਦੀਆਂ ਬਾਰੇ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਮਾਸਕ ਪਹਿਨਣਾ ਹਰ ਆਦਮੀ ਲਈ ਲਾਜ਼ਮੀ ਹੋਵੇਗਾ। 6 ਫੁੱਟ ਦੀ ਸਮਾਜਿਕ ਦੂਰੀ ਦੀ ਪਾਲਣਾ ਵੀ ਜਰੂਰੀ ਹੋਵੇਗੀ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਸਾਰੀਆਂ ਗੈਰ ਜਰੂਰੀ ਗਤੀਵਿਧੀਆਂ ਇਸ ਸਮੇਂ ਦੌਰਾਨ ਬੰਦ ਰਹਿਣਗੀਆਂ। ਜ਼ਰੂਰੀ ਗਤੀਵਿਧੀਆਂ ਜਿਵੇਂ ਕਿ ਇੰਡਸਟਰੀ ਦੀਆਂ ਸਿਫ਼ਟਾਂ ਦੇ ਸੰਚਾਲਨ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਆਵਾਜਾਈ ਚਾਲੂ ਰਹੇਗੀ। ਬੱਸਾਂ ਅਤੇ ਹਵਾਈ ਜਹਾਜ਼ਾਂ ਉੱਪਰ ਕੋਈ ਵੀ ਪਾਬੰਦੀ ਨਹੀਂ ਹੋਵੇਗੀ। ਦਵਾਈਆਂ ਜਾਂ ਦਵਾਈਆਂ ਨਾਲ ਸਬੰਧਤ ਚੀਜਾਂ, ਵੈਕਸੀਨਾਂ, ਮੈਡੀਕਲ ਯੰਤਰ, ਮੈਡੀਕਲ ਟੈਸਟਿੰਗ ਯੰਤਰਾਂ ਦੀਆਂ ਕਿੱਟਾਂ ਆਦਿ ਦੀ ਆਵਾਜਾਈ ਚਾਲੂ ਰਹੇਗੀ।
300 ਵਿਅਕਤੀਆਂ ਤੋਂ ਵਧੇਰੇ ਦਾ ਇਕੱਠ (ਇਨਡੂਰ/ਆਊਟਡੋਰ) ਕਰਨ ਤੇ ਪੂਰਨ ਤੌਰ ਤੇ ਮਨਾਹੀ ਹੋਵੇਗੀ ਜਾਂ ਸਬੰਧਤ ਜਗ੍ਹਾ ਦਾ 50 ਫੀਸਦੀ ਇਕੱਠ ਕੀਤਾ ਜਾ ਸਕੇਗਾ। ਇਹ ਇਕੱਠ ਕੋਵਿਡ 19 ਦੇ ਸੰਕਰਮਣ ਨੂੰ ਰੋਕਣ ਦੀਆਂ ਸਾਰੀਆਂ ਸਾਵਧਾਨੀਆਂ ਅਪਨਾ ਕੇ ਹੀ ਕੀਤਾ ਜਾ ਸਕੇਗਾ। ਸਾਰੇ ਸਕੂਲ, ਕਾਲਜ਼, ਯੂਨੀਵਰਸਿਟੀਜ਼, ਕੋਚਿੰਗ ਇੰਸਟੀਚਿਉਸ਼ਨਜ਼, ਆਦਿ ਫਿਲਹਾਲ ਬੰਦ ਰਹਿਣਗੇ। ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।
ਸਾਰੇ ਬਾਰਜ਼, ਸਿਨੇਮਾ ਹਾਲਜ਼,  ਮਲਟੀਪਲੈਕਸ, ਮਾਲਜ਼, ਰੈਸਟਰੋਰੈਂਟ, ਸਪਾਅਜ, ਜਿੰਮ, ਸਪੋਰਟਸ ਕੰਪਲੈਕਸ, ਮਿਊਜੀਅਮ, ਚਿੜੀਆਘਰ 50 ਫੀਸਦੀ ਇਕੱਠ ਦੀ ਸਮਰੱਥਾ ਨਾਲ ਖੁੱਲ੍ਹੇ ਰੱਖੇ ਜਾ ਸਕਦੇ ਹਨ, ਪ੍ਰੰਤੂ ਇਨ੍ਹਾਂ ਦਾ ਸਟਾਫ਼ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਹੈ। ਏ.ਸੀ. ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਸਵਾਰੀਆਂ ਲੈ ਕੇ ਚਲਾਉਣ ਦੀ ਆਗਿਆ ਹੋਵੇਗੀ।
ਨੋ ਮਾਸਕ ਨੋ ਸਰਵਿਸ ਨਿਯਮ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਸਾਰੇ ਪ੍ਰਾਈਵੇਟ ਅਤੇ ਸਾਰਕਾਰੀ ਅਦਾਰਿਆਂ ਵਿੱਚ ਜਿਹੜੇ ਵਿਅਕਤੀ ਮਾਸਕ ਤੋਂ ਬਿਨ੍ਹਾਂ ਸੇਵਾਵਾਂ ਲੈਣ ਲਈ ਆਉਂਦੇ ਹਨ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਨਹੀਂ ਦਿੱਤੀ ਜਾਵੇਗੀ। ਕਰੋਨਾ ਦੀਆਂ ਸਾਰੀਆਂ ਡੋਜ਼ਾਂ ਲਗਵਾ ਚੁੱਕੇ ਜਾਂ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਰਿਪੋਰਟ ਨਾਲ ਹੀ ਪੰਜਾਬ ਵਿੱਚ ਐਂਟਰੀ ਹੋ ਸਕੇਗੀ। ਜੇਕਰ ਵਿਅਕੀ ਕੋਲ ਦੋਨੋਂ ਨਹੀਂ ਹਨ ਤਾਂ ਰੈਟ ਟੈਸਟ ਲਾਜ਼ਮੀ ਹੋਵੇਗਾ। ਅੰਗਹੀਣ ਅਤੇ ਗਰਭਵਤੀ ਔਰਤ ਮੁਲਾਜ਼ਮ ਘਰ ਤੋਂ ਹੀ ਦਫ਼ਤਰ ਦਾ ਕੰਮਕਾਜ ਕਰ ਸਕਦੇ ਹਨ।
ਉਪਰੋਕਤ ਬਾਰੇ ਵਿੱਚ ਕੋਵਿਡ ਢੁੱਕਵਾਂ ਵਿਵਹਾਰ ਸਬੰਧ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ਾਂ ਲਗਵਾ ਲਈਆਂ ਜਾਣ ਤਾਂ ਜ਼ੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਰਹਿ ਸਕੇ।
ਅੰਤ ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕੀਆਂ ਅਤੇ ਅਦਾਰਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

ਲੰਬੀ ਤੋਂ ਚੋਣ ਲੜਣਗੇ ਪ੍ਰਕਾਸ਼ ਸਿੰਘ ਬਾਦਲ
ਚੋਣ ਖ਼ਰਚੇ ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹੇ ਚ 3 ਖ਼ਰਚਾ ਨਿਗਰਾਨ ਨਿਯੁਕਤ