ਭਗਵੰਤ ਮਾਨ ਡੰਮੀ ਚਿਹਰਾ – ਸੁਖਬੀਰ ਬਾਦਲ

ਸਰਕਾਰ ਬਣੀ ਤਾਂ ਚੰਨੀ ਦੀ ਹੋਵੇਗੀ ਜਾਂਚ-ਸੁਖਬੀਰ

ਬਠਿੰਡਾ, 1 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ ਕਾਨੁੰਨੀ ਗਤੀਵਿਧੀਆਂ ਖਾਸ ਤੌਰ ’ਤੇ ਉਹਨਾਂ ਦੇ ਸੂਬੇ ਵਿਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕਰੇਗੀ।

ਅਕਾਲੀ ਦਲ ਪ੍ਰਧਾਨ ਪਾਰਟੀ ਦੇ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਭਾਗ ਲੈਣ ਇਥੇ ਆਏ ਸਨ।
 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਨਾ ਸਿਰਫ ਗੈਰ ਕਾਨੁੰਨੀ ਮਾਇਨਿੰਗ ਨੂੰ ਉਤਸ਼ਾਹਿਤ ਕੀਤਾ ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੁੰ ਪੱਧਰ ਕਰ ਕੇ ਮਾਇਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੁੰ ਇਕੱਠਾ ਕੀਤਾ ਨਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ।

ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਚੰਨੀ ਦੀ ਕਰਾਰੀ ਹਾਰ ਦੀ ਪੇਸ਼ੀਨਗੋਈ ਕੀਤੀ। ਉਹਨਾਂ ਕਿਹਾ ਕਿ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਹਨਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਭਦੌੜ ਸੀਟ ਤੋਂ ਹਾਰ ਦਾ ਸਾਹਮਣਾ ਕਰਨਗੇ। ਉਹਨਾਂ ਕਿਹਾ ਕਿ 10 ਮਾਰਚ ਨੁੰ ਦੋਹਾਂ ਸੀਟਾਂ ਹਾਰਨ ਤੋਂ ਬਾਅਦ ਉਹਨਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ।

ਇਕ ਹੋਰ ਸਵਾਲ ਦੇ ਜਵਾਬ ਵਿਚ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਮੁੜ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿਚ ਸਨੱਅਤ ਲਿਆਉਣ ਦਾ ਉਹਨਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਮਨਪ੍ਰੀਤ ਸਿੰਘ ਬਾਦਲ ਬਾਰੇ ਅਕਾਲੀ ਲੀਡਰਸ਼ਿਪ ਵੱਲੋਂ ਨਰਮ ਰੁੱਖ ਅਪਣਾਉਣ ਬਾਰੇ ਸਾਰੇ ਦੋਸ਼ਾਂ ਨੁੰ ਰੱਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਅਹਿਮ ਹੈ। ਉਹਨਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਨਾਲ ਅਜਿਹੇ ਅਨੈਤਿਕ ਸਮਝੌਤੇ ਕਰਨ ਨਾਲੋਂ ਉਹ ਸਿਆਸਤ ਛੱਡ ਦੇਣਗੇ।

ਬਠਿੰਡਾ ਦੇ ਵੋਟਰਾਂ ਨੁੰ ਸਰੂਪ ਚੰਦ ਸਿੰਗਲਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਵਿਚ ਆਬਕਾਰੀ ਤੇ ਕਰ ਮੰਤਰੀ ਹੋਣਗੇ। ਉਹਨਾਂ ਨੇ ਸਨੱਅਤਕਾਰੀਆਂ ਤੇ ਵਪਾਰੀਆਂ ਦੀ ਭਲਾਈ ਵਾਸਤੇ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਸਥਿਰ ਸਰਕਾਰ ਦੇਣ ਲਈ ਅਮਨ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਉਹਨਾਂ ਦੀਆਂ ਉਚ ਤਰਜੀਹਾਂ ਹੋਣਗੀਆਂ।

ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਆਮ ਆਦਮੀ ਪਾਰਟੀ ਨੁੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ਝਾੜੂ ਪਾਰਟੀ ਨੇ ਹੁਣ ਉਹ ਉਮੀਦਵਾਰ ਖੜ੍ਹੇ ਕੀਤੇ ਹਨ ਜਿਹਨਾਂ ਨੂੰ ਹੋਰ ਪਾਰਟੀਆਂ ਨੇ ਨਕਾਰ ਦਿੱਤਾ ਹੈ ਜਿਵੇਂ ਕਿ ਉਸਨੇ ਬਠਿੰਡਾ ਦਿਹਾਤੀ ਹਲਕੇ ਤੋਂ ਉਸ ਪਾਰਟੀ ਨੁੰ ਟਿਕਟ ਦਿੱਤੀ ਹੈ ਜਿਸਨੂੰ ਅਕਾਲੀ ਦਲ ਨੇ ਲੋਕਾਂ ਨੁੰ ਲੁੱਟਣ ਦੇ ਦੋਸ਼ਾ ਕਰਕੇ ਪਾਰਟੀ ਵਿਚੋਂ ਕੱਢਿਆ ਸੀ।

ਬਾਦਲ ਨੇ ਆਪ ਵੱਲੋਂ ਭਗਵੰਤ ਮਾਨ ਨੂੰ ਡੰਮੀ ਚੇਹਰਾ ਕਰਾਰ ਦਿੰਦਿਆਂ ਕਿਹਾ ਕਿ ਆਪ ਦਾ ਅਸਲ ਮਨੋਰਥ ਕੇਜਰੀਵਾਲ ਨੁੰ ਮੁੱਖ ਮੰਤਰੀ ਚੇਹਰਾ ਬਣਾਉਣਾ ਹੈ ਤੇ ਪੰਜਾਬੀ ਇਸ ਖੇਡ ਨੁੰ ਸਮਝਦੇ ਹਨ ਤੇ ਉਹ ਆਪ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ।

ਚੋਣ ਖ਼ਰਚੇ ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹੇ ਚ 3 ਖ਼ਰਚਾ ਨਿਗਰਾਨ ਨਿਯੁਕਤ
ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜੀ, PGI ਦਾਖ਼ਿਲ