ਚੰਨੀ ਨੇ ਸਿੱਧੂ ਤੋਂ ਕਿਵੇਂ ਮਾਰੀ ਬਾਜ਼ੀ, ਕੀ ਇਹ ਹਨ ਕਾਰਨ ?

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੌੜ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ। ਪਰ ਉਹ ਪਿੱਛੇ ਰਹਿ ਗਏ। ਕਾਂਗਰਸ ਹਾਈਕਮਾਂਡ ਨੇ ਪਹਿਲਾਂ ਹੀ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਸੰਕੇਤ ਦੇ ਦਿੱਤੇ ਸਨ। ਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ‘ਚ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ।

ਪਰ ਚੰਨੀ ਇਸ ਦੌੜ ਵਿੱਚ ਕਿਵੇਂ ਨਿੱਕਲਿਆ ਅੱਗੇ, ਸਿੱਧੂ ਕਿਵੇਂ ਪੱਛੜਿਆ?

ਸੂਬਾ ਸਰਕਾਰ ਦੇ ਖਿਲਾਫ ਬਗਾਵਤ

ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ ਸਿੱਧੂ ਆਪਣੀ ਹੀ ਪਾਰਟੀ ਦੇ ਸੀਐਮ ਚੰਨੀ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਹ ਚੰਨੀ ਨਾਲ ਕਦੇ ਵੀ ਸਹਿਜ ਨਹੀਂ ਸੀ। ਸਿੱਧੂ ਨੇ ਐਡਵੋਕੇਟ ਜਨਰਲ ਏਪੀਐਸ ਦਿਓਲ ਨਾਲ ਮਿਲ ਕੇ ਪਿਛਲੇ ਸਾਲ ਨਵੰਬਰ ਵਿੱਚ ਡੀਐਸ ਪਟਵਾਲੀਆ ਅਤੇ ਪਿਛਲੇ ਸਾਲ ਦਸੰਬਰ ਵਿੱਚ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਆਵਾਜ਼ ਉਠਾਈ ਸੀ। ਸਿੱਧੂ ਨੇ ਚੰਨੀ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਰਾਹੁਲ ਗਾਂਧੀ ਦੇ ਬਣਾਏ ਸੀ.ਐਮ ਹਨ ਅਤੇ ਉਹ ਕਮਜ਼ੋਰ ਮੁੱਖ ਮੰਤਰੀ ਹਨ । ਉਨ੍ਹਾਂ ਨੇ ਸੂਬੇ ਦੀ ਰੇਤ ਮਾਈਨਿੰਗ ਨੂੰ ਲੈ ਕੇ ਵੀ ਸਰਕਾਰ ਦੇ ਖਿਲਾਫ ਬੋਲਿਆ ਸੀ ।

ਪੰਜਾਬ ਵਿੱਚ ਆਪਣਾ ਵਿਕਾਸ ਮਾਡਲ ਪੇਸ਼ ਕਰਨਾ ਸੀ?

ਸਿੱਧੂ ਨੇ ਪੰਜਾਬ ਲਈ ਆਪਣਾ ਵਿਕਾਸ ਮਾਡਲ ਲੋਕਾਂ ਸਾਹਮਣੇ ਪੇਸ਼ ਕੀਤਾ । ਪ੍ਰਤਾਪ ਬਾਜਵਾ ਦੀ ਅਗਵਾਈ ਵਾਲੀ ਮੈਨੀਫੈਸਟੋ ਕਮੇਟੀ ਅਜੇ ਵੀ ਖਰੜੇ ‘ਤੇ ਕੰਮ ਕਰ ਰਹੀ ਹੈ। ਅੰਮ੍ਰਿਤਸਰ ਪੂਰਬੀ ਦੇ ਵਸਨੀਕ ਅਕਸਰ ਉਨ੍ਹਾਂ ਦੇ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਪਤਨੀ ਇੱਥੋਂ ਵਿਧਾਇਕ ਰਹਿ ਚੁੱਕੀ ਹੈ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਸਿੱਧੂ ਦੇ ਵਿਕਾਸ ਮਾਡਲ ਤੋਂ ਕੁਝ ਅਸਹਿਜ ਸੀ।

ਦਲਿਤ ਚਿਹਰੇ ਦੀ ਰਾਜਨੀਤੀ ?

ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਨਾਲ ਪਾਰਟੀ ਨੂੰ ਬਹੁਤਾ ਨੁਕਸਾਨ ਨਹੀਂ ਹੋਵੇਗਾ। ਕਿਉਂਕਿ ਸਿੱਧੂ ਨੂੰ ਪੰਜਾਬ ਵਿੱਚ ਜੱਟ ਸਿੱਖ ਆਗੂ ਨਹੀਂ ਮੰਨਿਆ ਜਾਂਦਾ। ਦੂਜੇ ਪਾਸੇ ਜੇਕਰ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਬਣਾਇਆ ਜਾਂਦਾ ਤਾਂ ਇਸ ਦਾ ਸਿੱਧਾ ਅਸਰ ਦਲਿਤ ਵੋਟ ‘ਤੇ ਪੈਣਾ ਸੀ। ਪੰਜਾਬ ਵਿੱਚ ਦਲਿਤ ਵੋਟ ਲਗਭਗ 30 ਫੀਸਦੀ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਵਰਗ ‘ਚ ਕਾਫੀ ਭਰੋਸਾ ਪੈਦਾ ਹੋ ਗਿਆ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ।

Schools: ਪੰਜਾਬ ਵਿੱਚ ਕਲ੍ਹ ਤੋਂ ਖੁਲ੍ਹਣਗੇ ਸਕੂਲ
ਕਰਜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ