ਕਰਜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ

ਬਠਿੰਡਾ : ਅੱਜ ਪਿੰਡ ਜੀਦਾ ਦੇ ਕਿਸਾਨ ਗੋਬਿੰਦ ਸਿੰਘ (36) ਪੁੱਤਰ ਹਰਬੰਸ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਬਲਾਕ ਪ੍ਰਧਾਨ ਅਮਰੀਕ ਸਿਵੀਆਂ, ਪਿੰਡ ਜੀਦਾ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਪਿੰਡ ਜੀਦਾ ਦੇ ਪ੍ਰਧਾਨ ਕਾਕਾ ਸਿੰਘ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰ ਨੂੰ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ , ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਖਤਮ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖ਼ੁਦਕੁਸ਼ੀ ਪੀਡ਼ਤ ਪਰਿਵਾਰਾਂ ਲਈ ਐਲਾਨੇਿਆ ਹੋਇਆ ਤਿੱਨ ਲੱਖ ਰੁਪਏ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ । ਪੀਡ਼ਤ ਪਰਿਵਾਰ ਕੋਲ ਪੌਣੇ ਤਿੰਨ ਏਕੜ ਜ਼ਮੀਨ ਹੈ ਅਤੇ ਪਰਿਵਾਰ ਸਿਰ ਸਾਢੇ ਤਿੰਨ ਲੱਖ ਰੁਪਏ ਦਾ ਕਰਜ਼ਾ ਹੈ ਜਿਸ ਵਿੱਚੋਂ ਡੇਢ ਕਿੱਲਾ ਜ਼ਮੀਨ ਗਹਿਣੇ ਪਈ ਹੈ । ਕਿਸਾਨ ਗੋਬਿੰਦ ਸਿੰਘ ਤਿੰਨ ਭੈਣ ਭਰਾ ਸਨ ਇਸ ਤੋਂ ਪਹਿਲਾਂ ਇਸ ਦਾ ਛੋਟਾ ਭਰਾ ਵੀ ਖ਼ੁਦਕੁਸ਼ੀ ਕਰ ਗਿਆ ਸੀ ਤੇ ਭੈਣ ਵਿਆਹੀ ਹੋਈ ਹੈ । ਇਸ ਦੀ ਮਾਤਾ ਦੀ ਪਹਿਲਾਂ ਹੀ ਕਿਸੇ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਸਿਰਫ਼ ਇਸ ਦਾ ਪਿਤਾ ਹਰਬੰਸ ਸਿੰਘ ਹੀ ਰਹਿ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਲਗਾਤਾਰ ਕਰਜ਼ੇ ਵਧ ਰਹੇ ਹਨ ਜਿਸ ਕਾਰਨ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਅਤੇ ਖੇਤੀ ਧੰਦੇ ਨੂੰ ਸੁਧਾਰਨ ਲਈ ਕਿਸੇ ਵੀ ਵੋਟ ਪਾਰਟੀ ਦਾ ਮੁੱਖ ਏਜੰਡਾ ਨਹੀਂ ਹੈ । ਉਨ੍ਹਾਂ ਮੰਗ ਕੀਤੀ ਕਿ ਖੇਤੀ ਨੂੰ ਪ੍ਰਫੁੱਲਤ ਕੀਤਾ ਜਾਵੇ , ਰੇਹ, ਸਪਰੇਅ, ਬੀਜ, ਖੇਤੀ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਦੇ ਅੰਨੇ ਮੁਨਾਫ਼ਿਆਂ ਤੇ ਕੱਟ ਲਾ ਕੇ ਖੇਤੀ ਦੇ ਲਾਗਤ ਖਰਚੇ ਘਟਾਏ ਜਾਣ , ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕੀਤਾ ਜਾਵੇ ,ਸਾਰੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਮਿਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਮਜ਼ਦੂਰਾਂ ਦੀਆਂ ਲਗਾਤਾਰ ਹੋ ਰਹੀਆਂ ਖ਼ੁਦਕੁਸ਼ੀਆਂ ਨੂੰ ਠੱਲ੍ਹ ਪੈ ਸਕੇ ।

ਚੰਨੀ ਨੇ ਸਿੱਧੂ ਤੋਂ ਕਿਵੇਂ ਮਾਰੀ ਬਾਜ਼ੀ, ਕੀ ਇਹ ਹਨ ਕਾਰਨ ?
ਵੋਟਰ ਸ਼ਨਾਖ਼ਤੀ ਕਾਰਡ ਨਾ ਹੋਣ ਦੀ ਸੂਰਤ 'ਚ ਹੇਠ ਲਿਖੇ ਤਰੀਕੇ ਪਾ ਸਕਦੇ ਹੋ ਵੋਟ