ਭਾਸ਼ਾ ਵਿਭਾਗ ਮੋਗਾ ਵੱਲੋਂ ਡੀ.ਐੱਮ. ਕਾਲਜ ਮੋਗਾ ਵਿਖੇ ਵਿਅੰਗਕਾਰ ਕੇ.ਐੱਲ. ਗਰਗ ਨਾਲ ਰੂ-ਬ-ਰੂ ਸਮਾਗਮ ਆਯੋਜਿਤ

ਮੋਗਾ: ਭਾਸ਼ਾ ਵਿਭਾਗ, ਮੋਗਾ ਵੱਲੋਂ ਡੀ.ਐੱਮ. ਕਾਲਜ ਮੋਗਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਵਿੱਚ ਪ੍ਰਸਿੱਧ ਵਿਅੰਗਕਾਰ ਲੇਖਕ ਕੇ.ਐੱਲ. ਗਰਗ ਨਾਲ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਪ੍ਰੋ. ਗੁਰਪ੍ਰੀਤ ਘਾਲੀ ਨੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਾਜ਼ਰ ਮਹਿਮਾਨਾਂ ਨਾਲ ਵਿਦਿਆਰਥੀਆਂ ਦੀ ਜਾਣ-ਪਛਾਣ ਕਰਵਾਈ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਭਾਸ਼ਾ ਵਿਭਾਗ, ਪੰਜਾਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੇ.ਐੱਲ. ਗਰਗ ਦੀ ਸਾਹਿਤਕ ਦੇਣ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ 80-85 ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ, ਜਿਨ੍ਹਾਂ ਵਿਚੋਂ ਸੰਪਾਦਨ ਦੇ ਖੇਤਰ ਵਿਚ ਉਨ੍ਹਾਂ ਨੂੰ 2018 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਹੈ।
ਕੇ. ਐੱਲ. ਗਰਗ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਆਪਣੇ ਜੀਵਨ ਅਨੁਭਵਾਂ ਅਤੇ ਸਾਹਿਤਕ ਸਫ਼ਰ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬਚਪਨ ਵਿਚ ਉਨ੍ਹਾਂ ਨੂੰ ਘੋਰ ਗਰੀਬੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਤਰ੍ਹਾਂ ਦੇ ਛੋਟੇ-ਮੋਟੇ ਕੰਮ ਧੰਦੇ ਵੀ ਕਰਨੇ ਪਏ। ਉਨ੍ਹਾਂ ਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਮੁਸ਼ਕਿਲ ਹਾਲਾਤਾਂ ਉਪਰ ਕਾਬੂ ਪਾਉਂਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਧਿਆਪਨ ਦਾ ਕਿੱਤਾ ਅਪਣਾਉਂਦਿਆਂ ਨਾਲ-ਨਾਲ ਆਪਣਾ ਸਾਹਿਤਕ ਸਫ਼ਰ ਵੀ ਜਾਰੀ ਰੱਖਿਆ। ਸਰੋਤਿਆਂ ਅਤੇ ਕੇ.ਐੱਲ. ਗਰਗ ਦਰਮਿਆਨ ਸਾਂਝੇ ਹੋਏ ਸੁਆਲਾਂ-ਜੁਆਬਾਂ ਦਾ ਦਿਲਚਸਪ ਪੜਾਅ ਇਸ ਸਮਾਗਮ ਦੀ ਪ੍ਰਾਪਤੀ ਰਹੀ।
ਸਮਾਗਮ ਦੇ ਭਾਸ਼ਨ ਵਿਚ ਸ. ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰਗ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਕਿ ਮਨੁੱਖ ਕੋਲ ਜੀਵਨ ਵਿਚ ਉੱਚਾ ਉੱਠਣ ਦੇ ਸੁਪਨੇ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਦਿੜ੍ਹ ਇਰਾਦੇ ਹੋਣ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀਆਂ ਉੱਪਰ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਸ਼੍ਰੋਮਣੀ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਨੇ ਵੀ ਗਰਗ ਸਾਹਿਬ ਦੀ ਸਾਹਿਤਕ ਦੇਣ ਬਾਰੇ ਵਿਚਾਰ ਪ੍ਰਗਟ ਕੀਤੇ। ਅਮਰਜੀਤ ਘੋਲੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਬੜੇ ਉਤਸ਼ਾਹ ਨਾਲ ਆਪਣੇ ਕੈਮਰੇ ਵਿਚ ਕੈਦ ਕੀਤਾ। ਅੰਤ ਵਿਚ ਪ੍ਰਿੰਸੀਪਲ ਐੱਸ. ਕੇ. ਸ਼ਰਮਾ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਸਭ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਇਲਾਕੇ ਦੀਆਂ ਸਾਹਿਤਕਾਰ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿਚ ਨਾਟਕਕਾਰ ਦਵਿੰਦਰ ਗਿੱਲ, ਸ਼ਾਇਰ ਗੁਰਦੇਵ ਦਰਦੀ, ਸ਼ਾਇਰ ਨਰਿੰਦਰ ਰੋਹੀ, ਸ਼ਾਇਰ ਚਰਨਜੀਤ ਸਮਾਲਸਰ, ਸ਼ਾਇਰ ਧਾਮੀ ਗਿੱਲ, ਸ਼ਾਇਰ ਗੁਰਪ੍ਰੀਤ ਧਰਮਕੋਟ, ਸ਼ਾਇਰ ਕੁਲਵੰਤ ਸਿੰਘ, ਸ਼ਾਇਰ ਗੁਰਦੀਪ ਲੋਪੋਂ, ਸ਼ਾਇਰ ਦਰਸ਼ਨ ਸੰਘਾ ਅਤੇ ਚਿੱਤਰਕਾਰ ਰਣਜੀਤ ਸੋਹਲ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰੋ. ਜਗਰਾਜ ਸਿੰਘ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਕਮਲਦੀਪ ਕੌਰ, ਪ੍ਰੋ. ਮਨਰੀਤ ਕੌਰ, ਪ੍ਰੋ. ਗੁਰਜੀਤ ਕੌਰ ਅਤੇ ਸਾਹਿਤਕ ਰੁਚੀਆਂ ਰੱਖਣ ਵਾਲੇ ਕਾਫ਼ੀ ਸਾਰੇ ਵਿਦਿਆਰਥੀ ਹਾਜ਼ਰ ਸਨ।

Hair Wash के अगले ही दिन स्कैल्प हो जाता है ऑयली, जानिए कैसे पाएं छुटकारा
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਮਿਲੇਗੀ ਵਿੱਤੀ ਸਹਾਇਤਾ