ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਸੂਰਿਯਾ ਕਿਰਨ ਸ਼ੋਅ 6 ਤੇ 7 ਮਾਰਚ ਨੂੰ

ਬਠਿੰਡਾ, 4 ਮਾਰਚ : ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਸੂਰਿਯਾ ਕਿਰਨ ਸ਼ੋਅ 6 ਅਤੇ 7 ਮਾਰਚ ਨੂੰ ਹੋਵੇਗਾ। ਇਸ ਸ਼ੋਅ ਦੌਰਾਨ ਸੂਰਿਯਾ ਕਿਰਨ ਐਰੋਬੈਟਿਕ ਤੋਂ ਇਲਾਵਾਂ ਹੋਰ ਟੀਮਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਪੱਤਰਕਾਰਾਂ ਨਾਲ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ।

          ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ੋਅ ਨੂੰ ਸਫ਼ਲਤਾਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਪੁਖਤਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ੋਅ ਸਵੇਰੇ 10:30 ਤੋਂ ਦੁਪਿਹਰ 12:30 ਵਜੇ ਤੱਕ ਚੱਲੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਣ ਵਾਲੇ ਇਸ ਸ਼ੋਅ ਚ 10 ਵਜੇ ਤੋਂ ਪਹਿਲਾ ਪਹੁੰਚਣ ਤਾਂ ਜੋ ਪੂਰੇ ਸ਼ੋਅ ਦਾ ਆਨੰਦ ਮਾਣ ਸਕਣ।

          ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਠਿੰਡਾ ਵਿਖੇ ਇਸ ਤਰ੍ਹਾਂ ਦਾ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਇਹ ਸ਼ੋਅ ਇੱਥੇ ਇੰਡੀਅਨ ਏਅਰ ਫੋਰਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਸੂਰਿਯਾ ਕਿਰਨ ਐਰੋਬੈਟਿਕ ਤੇ ਹੋਰ ਟੀਮਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਏ ਜਾਣਗੇ। ਉਨ੍ਹਾਂ ਸਵਾਲ ਦੇ ਜਵਾਬ ਚ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਆਉਣ ਲਈ ਸਪੈਸ਼ਲ ਬੱਸਾਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ।

          ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਚ ਕਿਹਾ ਕਿ ਏਅਰ ਫੋਰਸ ਬੈਂਡ ਜੋ ਕਿ 26 ਜਨਵਰੀ ਵਾਲੇ ਦਿਨ ਦਿੱਲੀ ਵਿਖੇ ਆਪਣੀ ਪੇਸ਼ਕਾਰੀ ਕਰਦਾ ਹੈ ਉਹ ਵੀ ਇਸ ਸ਼ੋਅ ਦਾ ਹਿੱਸਾ ਬਣੇਗਾ ਅਤੇ ਆਪਣੇ ਕਰਤੱਵ ਦਿਖਾਵੇਗਾ। ਇਸ ਤੋਂ ਇਲਾਵਾ ਆਕਾਸ਼ ਗੰਗਾ ਸਕਾਈ ਟੀਮ ਵਲੋਂ ਵੀ ਆਪਣੇ ਕਰਤੱਵ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਭਰ ਚ ਜਾਣੀ ਜਾਂਦੀ ਸੂਰਿਯਾ ਕਿਰਨ ਐਰੋਬੈਟਿਕ ਟੀਮ ਵਲੋਂ ਵੀ ਆਪੋਂ-ਆਪਣੇ ਕਰਤੱਵ ਦਿਖਾਏ ਜਾਣਗੇ, ਜਿਸ ਨੇ ਪਹਿਲਾ ਲਗਭਗ 100-150 ਦੇਸ਼ਾਂ ਚ ਆਪਣੇ ਕਰਤੱਵਾਂ ਦੀ ਪੇਸ਼ਕਾਰੀ ਕੀਤੀ ਹੈ।

          ਡਿਪਟੀ ਕਮਿਸ਼ਨਰ ਨੇ ਹੋਰ ਸਵਾਲ ਦੇ ਜਵਾਬ ਚ ਕਿਹਾ ਕਿ ਸ਼ੋਅ ਤੱਕ ਜਾਣ ਵਾਲੇ ਰਸਤੇ ਤੇ ਚੂਨਾ ਮਾਰਕਿੰਗ ਕੀਤੀ ਹੋਵੇਗੀ, ਪੁਲਿਸ ਦੇ ਨੁਮਾਇੰਦੇ ਤਾਇਨਾਤ ਹੋਣਗੇ ਤੇ ਬਕਾਇਦਾ ਸਾਇਨ ਬੋਰਡ ਲੱਗੇ ਹੋਣਗੇ ਤਾਂ ਜੋ ਆਮ ਲੋਕਾਂ ਨੂੰ ਸਮਾਗਮ ਵਾਲੀ ਥਾਂ ਤੇ ਪਹੁੰਚਣ ਲਈ ਕੋਈ ਸਮੱਸਿਆ ਦਰਪੇਸ਼ ਨਾ ਆਵੇ।

          ਇਸ ਦੌਰਾਨ ਉਨ੍ਹਾਂ ਸੂਰਿਯਾ ਕਿਰਨ ਐਰੋਬੈਟਿਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਮੁਫ਼ਤ ਸ਼ੋਅ ਚ ਵੱਧ ਤੋਂ ਵੱਧ ਆਮ ਜਨਤਾ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੱਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਪੰਕਜ, ਸ਼੍ਰੀ ਜੀਐਸ ਸੰਘਾ ਆਦਿ ਹਾਜ਼ਰ ਸਨ।

ਵਿਜੀਲੈਂਸ ਬਿਊਰੋ ਨੇ ASI ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਜੇਲ੍ਹ ਵਿੱਚੋਂ ਕੈਦੀਆਂ ਦੁਆਰਾ ਵੀਡੀਓ ਅਪਲੋਡ ਕਰਨ ਦੇ ਮਾਮਲੇ ‘ਚ ਮੁੱਖ ਮੰਤਰੀ ਨੇ ਚੁੱਕਿਆ ਸਖ਼ਤ ਕਦਮ