ਹੁਣ ਹੁਨਰਮੰਦ ਕਾਮੇ ਭਾਰਤ ਸਰਕਾਰ ਦੇ ਖਰਚੇ ‘ਤੇ ਲੈਣਗੇ ਵਿਦੇਸ਼ਾਂ ‘ਚ ਨੌਕਰੀ

ਬਠਿੰਡਾ 10-08-2023:  ਰਾਸ਼ਟਰੀ ਹੁਨਰ ਵਿਕਾਸ ਨਿਗਮ, ਭਾਰਤ ਸਰਕਾਰ ਅਤੇ ਏਮਜ਼ ਬਠਿੰਡਾ ਦੇ ਸਾਂਝੇ ਉਪਰਾਲੇ ਸਦਕਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਸੈਂਟਰ ਇੰਟਰਨੈਨਸ਼ਲ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਏਮਜ਼ ਬਠਿੰਡਾ ਵਿੱਚ ਖੁਲ੍ਹਿਆ ਇਹ ਹੈਲਥ ਟਰੇਨਿੰਗ ਸੈਂਟਰ, ਹੈਲਥ ਕੇਅਰ ਸੈਕਟਰ ਵਿੱਚ ਹੁਨਰ ਵਿਕਾਸ ਲਈ ਭਾਰਤ ਸਰਕਾਰ ਦੀ ਪਹਿਲਕਦਮੀ ਹੈ। ਪੂਰੇ ਵਿਸ਼ਵ ਵਿੱਚ ਸਿਹਤ ਕਾਮਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਕੇਂਦਰ ਵਿੱਚ ਨਰਸਿੰਗ, ਫਾਰਮਾਸਿਸਟ, ਵੈਂਟੀਲੇਟਰ ਆਪਰੇਟਰ ਅਤੇ ਸਿਹਤ ਖੇਤਰ ਵਿੱਚ ਰੋਜ਼ਗਾਰ ਲਈ ਹੋਰ ਕਈ ਤਰਾਂ ਦੇ ਕੋਰਸ ਕਰਵਾਏ ਜਾਣਗੇ। ਇਸ ਸਿਖਲਾਈ ਉਪਰੰਤ ਅੰਤਰਰਾਸ਼ਟਰੀ ਪੱਧਰ ‘ਤੇ ਨੌਕਰੀਆਂ ਦੇ ਕਾਬਿਲ ਬਣਾ ਨੇ ਵਿਦੇਸ਼ਾਂ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਅਤੇ ਵਰਕ ਵੀਜ਼ਾ ਦਵਾ ਕੇ ਇਹਨਾਂ ਕਾਮਿਆਂ ਨੂੰ ਵਿਦੇਸ਼ ਭੇਜਿਆ ਜਾਵੇਗਾ। ਇਸ ਕੇਂਦਰ ਦੇ ਪਹਿਲੇ ਬੈਚ ਵਿੱਚ ਨਰਸਿੰਗ ਕੋਰਸ ਲਈ 48 ਵਿਦਿਆਰਥੀਆਂ ਦਾ ਦਾਖਿਲਾ ਕੀਤਾ ਗਿਆ ਹੈ। ਇਹ ਸਿਖਲਾਈ ਸ਼ੁਰੂ ਕਰਨ ਤੋਂ ਲੈ ਕੇ ਵਿਦੇਸ਼ ਭੇਜਣ ਤੱਕ ਦਾ ਸਾਰਾ ਖਰਚਾ ਭਾਰਤ ਸਰਕਾਰ ਦੁਆਰਾ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਲਈ ਇਹ ਬਿਲਕੁਲ ਮੁਫ਼ਤ ਹੈ।
ਅੱਜ ਇਸ ਕੇਂਦਰ ਦੀ ਸ਼ੁਰੂਆਤ ਮੌਕੇ ਰਾਸ਼ਟਰੀ ਹੁਨਰ ਵਿਕਾਸ ਨਿਗਮ, ਭਾਰਤ ਸਰਕਾਰ ਦੇ ਸਲਾਹਕਾਰ ਸੰਦੀਪ ਸਿੰਘ ਕੌੜਾ ਨੇ ਦੱਸਿਆ ਕਿ ਏਮਜ਼ ਬਠਿੰਡਾ ਵਿੱਚ ਸ਼ੁਰੂ ਹੋਏ ਇਸ ਕੇਂਦਰ ਵਿੱਚ ਅਮਰੀਕਾ, ਕਨੇਡਾ, ਯੂ.ਕੇ ਅਤੇ ਜਰਮਨੀ ਦੇ ਨਾਲ ਨਾਲ ਹੋਰ ਵੀ ਕਈ ਦੇਸ਼ਾਂ ਲਈ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਹਿਲੇ ਬੈਚ ਵਿੱਚ ਵਿਦਿਆਰਥੀਆਂ ਨੂੰ ਯੂ.ਕੇ ਭੇਜਣ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਕਨੇਡਾ ਅਤੇ ਜਰਮਨੀ ਲਈ ਵੀ ਬੈਚ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਕੇਂਦਰ ਨੂੰ ਵਧੀਆ ਉਪਰਾਲਾ ਦੱਸਦਿਆਂ ਕਿਹਾ ਕਿ ਪੰਜਾਬ ਤੋਂ ਵੱਡੇ ਪੱਧਰ ‘ਤੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਜਿਆਦਾਤਰ ਨੌਜਵਾਨ ਹੁਨਰਮੰਦ ਨਹੀਂ ਹੁੰਦੇ। ਜਿਸ ਕਰਕੇ ਜਿੱਥੇ ਨੌਕਰੀ ਲਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ ਉੱਥੇ ਹੀ ਮਾਪਿਆਂ ਦੀ ਜਮਾਂ ਪੂੰਜੀ ਦਾ ਵੀ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਹੈਲਥ ਟਰੇਨਿੰਗ ਸੈਂਟਰ ਹੁਨਰਮੰਦ ਸਿਹਤ ਕਾਮੇ ਪੈਦਾ ਕਰਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਦਵਾਵੇਗਾ ਜਿਸ ਨਾਲ ਯੁਵਾ ਵਰਗ ਨੂੰ ਵੱਡੇ ਪੱਧਰ ‘ਤੇ ਲਾਭ ਹੋਵੇਗਾ।

ਗੁਰਦੁਆਰਾ ਬੁੰਗਾ ਨਾਨਕਸਰ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸੁਲਝਾਇਆ ਮਸਲਾ
DGP PUNJAB INAUGURATES FIVE POLICE STATIONS AMONG SLEW OF DEVELOPMENT PROJECTS IN BATHINDA